Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

कबीर थोरै जलि माछुली झीवरि मेलिओ जालु ॥
Kabīr thorai jal mācẖẖulī jẖīvar meli▫o jāl.
Kabeer, the fish is in the shallow water; the fisherman has cast his net.
ਕਬੀਰ ਮੱਛੀ ਥੋੜ੍ਹੇ ਪਾਣੀ ਵਿੱਚ ਹੈ ਅਤੇ ਮਾਹੀਗੀਰ ਆਪਣਾ ਜਾਲ ਆ ਪਾਉਂਦਾ ਹੈ।
ਥੋਰੈ ਜਲਿ = ਥੋੜ੍ਹੇ ਪਾਣੀ ਵਿਚ। ਥੋਰੈ ਜਲਿ ਮਾਛੁਲੀ = ਥੋੜ੍ਹੇ ਪਾਣੀ ਵਿਚ ਮੱਛੀ।ਹੇ ਕਬੀਰ! ਥੋੜ੍ਹੇ ਪਾਣੀ ਵਿਚ ਮੱਛੀ ਰਹਿੰਦੀ ਹੋਵੇ, ਤਾਂ ਝੀਊਰ ਆ ਕੇ ਜਾਲ ਪਾ ਲੈਂਦਾ ਹੈ (ਤਿਵੇਂ ਜੇ ਜੀਵ ਦੁਨਿਆਵੀ ਭੋਗ ਵਿੱਦਿਆ ਧਨ ਆਦਿਕ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਏ ਤਾਂ ਮਾਇਆ ਦੇ 'ਪਾਂਚਉ ਲਰਿਕਾ' ਅਸਾਨੀ ਨਾਲ ਹੀ ਗ੍ਰਸ ਲੈਂਦੇ ਹਨ)।
 
इह टोघनै न छूटसहि फिरि करि समुंदु सम्हालि ॥४९॥
Ih togẖnai na cẖẖūtsahi fir kar samunḏ samĥāl. ||49||
You shall not escape this little pool; think about returning to the ocean. ||49||
ਤੇਰਾ ਇਕ ਛੋਟੇ ਜੇਹੇ ਟੋਏ ਅੰਦਰ ਛੁਟਕਾਰਾ ਨਹੀਂ ਹੋਣਾ, ਨੀ ਮਛੀਏ! ਤੈਨੂੰ ਮੁੜ ਕੇ ਸਮੁੰਦਰ ਵਿੱਚ ਵਾਪਸ ਜਾਣ ਦਾ ਖਿਆਲ ਕਰਨਾ ਚਾਹੀਦਾ ਹੈ।
ਇਹ ਟੋਘਨੈ = ਇਸ ਟੋਏ ਵਿਚ, ਇਸ ਛੱਪੜ ਵਿਚ, ਇਹਨਾਂ ਹੋਛੇ ਆਸਰਿਆਂ ਦੇ ਅਧੀਨ ਰਿਹਾਂ। ਸਮ੍ਹ੍ਹਾਲਿ = ਸੰਭਾਲ, ਸਾਂਭ, ਆਸਰਾ ਲੈ ॥੪੯॥ਹੇ ਮੱਛੀ! ਇਸ ਟੋਏ ਵਿਚ ਰਹਿ ਕੇ ਤੂੰ ਝੀਊਰ ਦੇ ਜਾਲ ਤੋਂ ਬਚ ਨਹੀਂ ਸਕਦੀ, ਜੇ ਬਚਣਾ ਹੈ ਤਾਂ ਸਮੁੰਦਰ ਲੱਭ (ਹੇ ਜਿੰਦੇ! ਇਹਨਾਂ ਭੋਗ-ਪਦਾਰਥਾਂ ਨੂੰ ਆਸਰਾ ਬਣਾਇਆਂ ਤੂੰ ਕਾਮਾਦਿਕ ਦੀ ਮਾਰ ਤੋਂ ਬਚ ਨਹੀਂ ਸਕਦੀ; ਇਹ ਹੋਛੇ ਆਸਰੇ ਛੱਡ, ਤੇ ਪਰਮਾਤਮਾ ਨੂੰ ਲੱਭ) ॥੪੯॥
 
कबीर समुंदु न छोडीऐ जउ अति खारो होइ ॥
Kabīr samunḏ na cẖẖodī▫ai ja▫o aṯ kẖāro ho▫e.
Kabeer, do not leave the ocean, even if it is very salty.
ਕਬੀਰ ਤੂੰ ਸਮੁੰਦਰ ਨੂੰ ਨਾਂ ਛਡ, ਭਾਵੇਂ ਇਹ ਬਹੁਤ ਹੀ ਸਲੂਣਾ ਹੋਵੇ।
ਜਉ = ਜੇ। ਖਾਰੋ = ਨਮਕੀਨ, ਬੇ-ਸੁਆਦਾ।ਹੇ ਕਬੀਰ! ਸਮੁੰਦਰ ਨਾਹ ਛੱਡੀਏ, ਚਾਹੇ (ਉਸ ਦਾ ਪਾਣੀ) ਬੜਾ ਹੀ ਖਾਰਾ ਹੋਵੇ;
 
पोखरि पोखरि ढूढते भलो न कहिहै कोइ ॥५०॥
Pokẖar pokẖar dẖūdẖ▫ṯe bẖalo na kahihai ko▫e. ||50||
If you poke around searching from puddle to puddle, no one will call you smart. ||50||
ਜੇਕਰ ਤੂੰ ਪਨਾਹ ਲਈ ਤਪੜ ਛਪੜ ਲਭਦਾ ਫਿਰੇਗਾਂ, ਕਿਸੇ ਨੇ ਵੀ ਤੈਨੂੰ ਸਿਆਣਾ ਨਹੀਂ ਆਖਣਾ।
ਪੋਖਰ = (Skt. पुष्कर a lake, a pond) ਛੱਪੜ। ਪੋਖਰਿ = ਛੱਪੜ ਵਿਚ। ਪੋਖਰਿ ਪੋਖਰਿ = ਹਰੇਕ ਛੱਪੜ ਵਿਚ। ਪੋਖਰਿ ਪੋਖਰਿ ਢੂਢਤੇ = ਨਿੱਕੇ ਨਿੱਕੇ ਛੱਪੜਾਂ ਵਿਚ (ਜਿੰਦ ਦਾ ਆਸਰਾ) ਢੂੰਢਿਆਂ। ਕੋਈ ਨ ਕਹਿ ਹੈ = ਕੋਈ ਨਹੀਂ ਆਖਦਾ ॥੫੦॥ਨਿੱਕੇ ਨਿੱਕੇ ਛੱਪੜਾਂ ਵਿਚ (ਜਿੰਦ ਦਾ ਆਸਰਾ) ਢੂੰਢਿਆਂ-ਕੋਈ ਨਹੀਂ ਆਖਦਾ ਕਿ ਇਹ ਕੰਮ ਚੰਗਾ ਹੈ ॥੫੦॥
 
कबीर निगुसांएं बहि गए थांघी नाही कोइ ॥
Kabīr nigusāʼn▫eʼn bahi ga▫e thāʼngẖī nāhī ko▫e.
Kabeer, those who have no guru are washed away. No one can help them.
ਕਬੀਰ, ਜੋ ਗੁਰੂ-ਵਿਹੁਣ ਹਨ, ਉਹ ਰੁੜ੍ਹ ਗਏ ਹਨ। ਕੋਈ ਕੀ ਉਨ੍ਹਾਂ ਨੂੰ ਬਚਾਉਣ ਵਾਲਾ ਨਹੀਂ।
ਗੁਸਾਂਈ = ਗੋ-ਸਾਈਂ, ਧਰਤੀ ਦਾ ਸਾਈਂ, ਪ੍ਰਭੂ-ਖਸਮ। ਨਿਗੁਸਾਇਆ = ਨਿ-ਖਸਮਾ। ਨਿ ਗੁਸਾਂਏਂ = ਨਿ-ਖਸਮੇ। ਬਹਿ ਗਏ = ਰੁੜ੍ਹ ਗਏ। ਥਾਂਘੀ = ਮਲਾਹ, ਗੁਰੂ-ਮਲਾਹ।ਹੇ ਕਬੀਰ! (ਇਹ ਸੰਸਾਰ, ਮਾਨੋ ਸਮੁੰਦਰ ਹੈ, ਜਿਸ ਵਿਚੋਂ ਦੀ ਜੀਵਾਂ ਦੇ ਜ਼ਿੰਦਗੀ ਦੇ ਬੇੜੇ ਤਰ ਕੇ ਲੰਘ ਰਹੇ ਹਨ, ਪਰ) ਜੋ ਬੇੜੇ ਨਿ-ਖਸਮੇ ਹੁੰਦੇ ਹਨ ਜਿਨ੍ਹਾਂ ਉਤੇ ਕੋਈ ਗੁਰੂ-ਮਲਾਹ ਨਹੀਂ ਹੁੰਦਾ ਉਹ ਡੁੱਬ ਜਾਂਦੇ ਹਨ।
 
दीन गरीबी आपुनी करते होइ सु होइ ॥५१॥
Ḏīn garībī āpunī karṯe ho▫e so ho▫e. ||51||
Be meek and humble; whatever happens is what the Creator Lord does. ||51||
ਤੂੰ ਆਪਣੇ ਵਲੋ ਹਲੀਮੀ ਅਤੇ ਨਿੰਮਰਤਾ ਨਾਲ ਵਾਹਿਗੁਰੂ ਦੀ ਪਨਾਹ ਲੈ। ਫਿਰ ਜੋ ਕੁਛ ਕਰਤਾ ਪੁਰਖ ਕਰਦਾ ਹੈ ਉਹ ਹੋਣ ਦੇ।
ਦੀਨ = ਦੀਨਤਾ, ਨਿਮ੍ਰਤਾ। ਆਪੁਨੀ = (ਜਿਨ੍ਹਾਂ ਨੇ) ਆਪਣੀ (ਬਣਾਈ)। ਕਰਤੇ ਹੋਇ ਸੁ ਹੋਇ = ਕਰਤਾਰ ਵਲੋਂ ਜੋ ਹੁੰਦਾ ਹੈ ਸੋ (ਸਹੀ) ਹੁੰਦਾ ਹੈ, ਉਹਨਾਂ ਨੂੰ ਕਰਤਾਰ ਦੀ ਰਜ਼ਾ ਮਿੱਠੀ ਲੱਗਦੀ ਹੈ ॥੫੧॥ਜਿਨ੍ਹਾਂ ਬੰਦਿਆਂ ਨੇ (ਆਪਣੀ ਸਿਆਣਪ ਛੱਡ ਕੇ) ਨਿਮ੍ਰਤਾ ਤੇ ਗ਼ਰੀਬੀ ਧਾਰ ਕੇ (ਗੁਰੂ-ਮਲਾਹ ਦਾ ਆਸਰਾ ਲਿਆ ਹੈ, ਉਹ ਸੰਸਾਰ-ਸਮੁੰਦਰ ਦੀਆਂ ਠਿੱਲਾਂ ਵੇਖ ਕੇ) ਜੋ ਹੁੰਦਾ ਹੈ ਉਸ ਨੂੰ ਕਰਤਾਰ ਦੀ ਰਜ਼ਾ ਜਾਣ ਕੇ ਬੇ-ਫ਼ਿਕਰ ਰਹਿੰਦੇ ਹਨ (ਉਹਨਾਂ ਨੂੰ ਆਪਣੇ ਬੇੜੇ ਦੇ ਡੁੱਬਣ ਦਾ ਕੋਈ ਫ਼ਿਕਰ ਨਹੀਂ ਹੁੰਦਾ ਹੈ) ॥੫੧॥
 
कबीर बैसनउ की कूकरि भली साकत की बुरी माइ ॥
Kabīr baisna▫o kī kūkar bẖalī sākaṯ kī burī mā▫e.
Kabeer, even the dog of a devotee is good, while the mother of the faithless cynic is bad.
ਕਬੀਰ, ਚੰਗੀ ਹੈ ਸੁਆਮੀ ਦੇ ਸਾਧੂ ਦੀ ਕੁੱਤੀ ਵੀ ਅਤੇ ਮਾੜੀ ਹੈ ਅਧਰਮੀ ਦੀ ਮਾਂ।
ਬੈਸਨਉ = ਪਰਮਾਤਮਾ ਦਾ ਭਗਤ। ਕੂਕਰਿ = ਕੁੱਤੀ (ਕੂਕਰੁ = ਕੁੱਤਾ)। ਸਾਕਤ = ਰੱਬ ਨਾਲੋਂ ਟੁੱਟਾ ਹੋਇਆ ਬੰਦਾ, ਮਨਮੁਖ। ਮਾਇ = ਮਾਂ। ਬੁਰੀ = ਭੈੜੀ, ਮੰਦ-ਭਾਗਣ।ਹੇ ਕਬੀਰ! (ਕਿਸੇ) ਭਗਤ ਦੀ ਕੁੱਤੀ ਭੀ ਭਾਗਾਂ ਵਾਲੀ ਜਾਣ, ਪਰ ਰੱਬ ਤੋਂ ਟੁੱਟੇ ਹੋਏ ਬੰਦੇ ਦੀ ਮਾਂ ਭੀ ਮੰਦ-ਭਾਗਣ ਹੈ;
 
ओह नित सुनै हरि नाम जसु उह पाप बिसाहन जाइ ॥५२॥
Oh niṯ sunai har nām jas uh pāp bisāhan jā▫e. ||52||
The dog hears the Praises of the Lord's Name, while the other is engaged in sin. ||52||
ਇਸ ਲਈ ਕਿਉਂਕਿ ਉਹ ਕੁੱਤੀ ਸਦਾ ਹੀ ਵਾਹਿਗੁਰੂ ਦੇ ਨਾਮ ਦੀ ਕੀਰਤੀ ਸੁਣਦੀ ਹੈ ਅਤੇ ਅਧਰਮੀ ਦੀ ਮਾਂ ਗੁਨਾਹਾਂ ਦਾ ਵਪਾਰ ਕਰਦੀ ਹੈ।
ਓਹ = (ਇਹ ਲਫ਼ਜ਼ ਪੁਲਿੰਗ ਹੈ, ਲਫ਼ਜ਼ 'ਉਹ' ਇਸਤ੍ਰੀ ਲਿੰਗ ਹੈ) ਉਹ ਭਗਤ। ਜਸੁ = ਵਡਿਆਈ। ਬਿਸਾਹਣ = ਵਿਹਾਝਣ ॥੫੨॥ਕਿਉਂਕਿ ਉਹ ਭਗਤ ਸਦਾ ਹਰਿ-ਨਾਮ ਦੀ ਵਡਿਆਈ ਕਰਦਾ ਹੈ ਉਸ ਦੀ ਸੰਗਤ ਵਿਚ ਰਹਿ ਕੇ ਉਹ ਕੁੱਤੀ ਭੀ ਸੁਣਦੀ ਹੈ, (ਸਾਕਤ ਨਿਤ ਪਾਪ ਕਮਾਂਦਾ ਹੈ, ਉਸ ਦੇ ਕੁਸੰਗ ਵਿਚ) ਉਸ ਦੀ ਮਾਂ ਭੀ ਪਾਪਾਂ ਦੀ ਭਾਗਣ ਬਣਦੀ ਹੈ ॥੫੨॥
 
कबीर हरना दूबला इहु हरीआरा तालु ॥
Kabīr harnā ḏūblā ih harī▫ārā ṯāl.
Kabeer, the deer is weak, and the pool is lush with green vegetation.
ਕਬੀਰ, ਕਮਜੋਰ ਹੈ ਮਨੁਸ਼-ਮਿਰਗ ਅਤੇ ਇਹ ਸੰਸਾਰ ਦਾ ਤਾਲਾਬ ਹਰਿਆਵਲ (ਮਾਇਆ) ਨਾਲ ਘੇਰਿਆ ਹੋਇਆ ਹੈ।
ਦੂਬਲਾ = ਦੁਬਲਾ, ਕਮਜ਼ੋਰ। ਹਰਨਾ = ਜੀਵ-ਹਰਨ। ਇਹੁ = ਇਹ ਜਗਤ। ਇਹੁ ਤਾਲੁ = ਇਹ, ਜਗਤ-ਰੂਪ ਤਲਾਬ। ਹਰੀਆਰਾ = ਹਰਿਆਵਲਾ, ਜਿਸ ਵਿਚ ਮਾਇਕ ਭੋਗਾਂ ਦੀ ਹਰਿਆਵਲ ਹੈ।ਹੇ ਕਬੀਰ! ਇਹ ਜਗਤ ਇਕ ਐਸਾ ਸਰੋਵਰ ਹੈ ਜਿਸ ਵਿਚ ਬੇਅੰਤ ਮਾਇਕ ਭੋਗਾਂ ਦੀ ਹਰਿਆਵਲ ਹੈ, ਮੇਰੀ ਇਹ ਜਿੰਦ-ਰੂਪ ਹਰਨ ਕਮਜ਼ੋਰ ਹੈ (ਇਸ ਹਰਿਆਵਲ ਵਲ ਜਾਣ ਤੋਂ ਰਹਿ ਨਹੀਂ ਸਕਦਾ)।
 
लाख अहेरी एकु जीउ केता बंचउ कालु ॥५३॥
Lākẖ aherī ek jī▫o keṯā bancẖa▫o kāl. ||53||
Thousands of hunters are chasing after the soul; how long can it escape death? ||53||
ਲਲੂਖਾਂ ਹੀ ਸ਼ਿਕਾਰੀ ਇਕ ਜੀਵ ਮਗਰ ਲੱਗੇ ਹੋਏ ਹਨ। ਕਿੰਨੇ ਚਿਰ ਤਾਂਈ ਇਹ ਮੌਤ ਤੋਂ ਬਚ ਸਕਦਾ ਹੈ?
ਅਹੇਰੀ = ਸ਼ਿਕਾਰੀ, ਬੇਅੰਤ ਵਿਕਾਰ। ਏਕੁ = ਇਕੱਲਾ। ਜੀਉ = ਜੀਵ, ਜਿੰਦ। ਕੇਤਾ ਕਾਲੁ = ਕਿਤਨਾ ਕੁ ਸਮਾ? ਬਹੁਤ ਚਿਰ ਤਕ ਨਹੀਂ। ਬੰਚਉ = ਮੈਂ ਬਚ ਸਕਦਾ ਹਾਂ ॥੫੩॥ਮੇਰੀ ਜਿੰਦ ਇੱਕ-ਇਕੱਲੀ ਹੈ, (ਇਸ ਨੂੰ ਫਸਾਣ ਲਈ ਮਾਇਕ ਭੋਗ) ਲੱਖਾਂ ਸ਼ਿਕਾਰੀ ਹਨ, (ਇਹਨਾਂ ਦੀ ਮਾਰ ਤੋਂ ਆਪਣੇ ਉੱਦਮ ਨਾਲ) ਮੈਂ ਬਹੁਤਾ ਚਿਰ ਬਚ ਨਹੀਂ ਸਕਦਾ ॥੫੩॥
 
कबीर गंगा तीर जु घरु करहि पीवहि निरमल नीरु ॥
Kabīr gangā ṯīr jo gẖar karahi pīvėh nirmal nīr.
Kabeer, some make their homes on the banks of the Ganges, and drink pure water.
ਕਬੀਰ, ਜੋ ਗੰਗਾ ਦੇ ਕਿਨਾਰੇ ਤੇ ਆਪਣਾ ਗ੍ਰਹਿ ਬਣਾ ਲੈਂਦੇ ਹਨ ਅਤੇ ਪਵਿੱਤਰ ਪਾਣੀ ਪੀਦੇ ਹਨ,
ਤੀਰ = ਕੰਢਾ। ਜੁ = ਜੇ। ਕਰਹਿ = ਤੂੰ ਬਣਾ ਲਏਂ। ਨਿਰਮਲ = ਸਾਫ਼। ਨੀਰੁ = ਪਾਣੀ।ਹੇ ਕਬੀਰ! ਜੇ ਤੂੰ ਗੰਗਾ ਦੇ ਕੰਢੇ ਉਤੇ (ਰਹਿਣ ਲਈ) ਆਪਣਾ ਘਰ ਬਣਾ ਲਏਂ, ਤੇ (ਗੰਗਾ ਦਾ) ਸਾਫ਼ ਪਾਣੀ ਪੀਂਦਾ ਰਹੇਂ,
 
बिनु हरि भगति न मुकति होइ इउ कहि रमे कबीर ॥५४॥
Bin har bẖagaṯ na mukaṯ ho▫e i▫o kahi rame Kabīr. ||54||
Without devotional worship of the Lord, they are not liberated. Kabeer proclaims this. ||54||
ਉਨ੍ਹਾਂ ਦੀ ਵੀ ਸੁਆਮੀ ਦੇ ਸਿਮਰਨ ਬਗੈਰ ਕਲਿਆਣ ਨਹੀਂ ਹੁੰਦੀ। ਕਬੀਰ ਇਹ ਅਟਲ ਸਚਿਆਈ ਕਹਿੰਦਾ ਹੈ।
ਮੁਕਤਿ = ('ਲਾਖ ਅਹੇਰੀ' ਆਦਿਕ ਵਿਕਾਰਾਂ ਤੋਂ) ਖ਼ਲਾਸੀ। ਇਉ ਕਹਿ = ਇਸ ਤਰ੍ਹਾਂ ਆਖ ਕੇ। ਰਮੇ = (ਪ੍ਰਭੂ ਦਾ ਨਾਮ) ਸਿਮਰਦਾ ਹੈ ॥੫੪॥ਤਾਂ ਭੀ ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ ('ਲਾਖ ਅਹੇਰੀ' ਆਦਿਕ ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਕਬੀਰ ਤਾਂ ਇਹ ਗੱਲ ਦੱਸ ਕੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਹੈ ॥੫੪॥
 
कबीर मनु निरमलु भइआ जैसा गंगा नीरु ॥
Kabīr man nirmal bẖa▫i▫ā jaisā gangā nīr.
Kabeer, my mind has become immaculate, like the waters of the Ganges.
ਕਬੀਰ, ਮੇਰਾ ਚਿੱਤ ਗੰਗਾ ਦੇ ਪਾਣੀ ਦੀ ਮਾਨੰਦ ਪਾਵਨ ਪੁਨੀਤ ਹੋ ਗਿਆ ਹੈ।
xxxਹੇ ਕਬੀਰ! (ਗੰਗਾ ਆਦਿਕ ਤੀਰਥਾਂ ਦੇ ਸਾਫ਼ ਜਲ ਦੇ ਕੰਢੇ ਰਿਹੈਸ਼ ਰੱਖਿਆਂ ਤਾਂ ਕਾਮਾਦਿਕ ਵਿਕਾਰ ਖ਼ਲਾਸੀ ਨਹੀਂ ਕਰਦੇ, ਤੇ ਨਾਹ ਹੀ ਮਨ ਪਵਿਤ੍ਰ ਹੋ ਸਕਦਾ ਹੈ, ਪਰ) ਜਦੋਂ (ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਿਆਂ) ਮੇਰਾ ਮਨ ਗੰਗਾ ਦੇ ਸਾਫ਼ ਪਾਣੀ ਵਰਗਾ ਪਵਿੱਤ੍ਰ ਹੋ ਗਿਆ,
 
पाछै लागो हरि फिरै कहत कबीर कबीर ॥५५॥
Pācẖẖai lāgo har firai kahaṯ Kabīr Kabīr. ||55||
The Lord follows after me, calling, "Kabeer! Kabeer!" ||55||
ਕਬੀਰ, ਹੇ ਮੇਰੇ ਕਬੀਰ, ਆਖਦਾ ਹੋਇਆ ਪ੍ਰਭੂ ਮੇਰੇ ਮਗਰ ਤੁਰਿਆ ਫਿਰਦਾ ਹੈ।
xxx ॥੫੫॥ਤਾਂ ਪਰਮਾਤਮਾ ਮੈਨੂੰ ਕਬੀਰ ਕਬੀਰ ਆਖ ਕੇ ('ਵਾਜਾਂ ਮਾਰਦਾ) ਮੇਰੇ ਪਿੱਛੇ ਤੁਰਿਆ ਫਿਰੇਗਾ ॥੫੫॥
 
कबीर हरदी पीअरी चूंनां ऊजल भाइ ॥
Kabīr harḏī pī▫arī cẖūʼnnāʼn ūjal bẖā▫e.
Kabeer, turmeric is yelow, and lime is white.
ਕਬੀਰ, ਪੀਲੀ ਹੈ ਹਲਦੀ ਅਤੇ ਚਿੱਟਾ ਹੈ ਰੰਗ ਚੂਨੇ ਦਾ।
ਹਰਦੀ = ਹਲਦੀ। ਪੀਅਰੀ = ਪੀਲੀ, ਪੀਲੇ ਰੰਗ ਦੀ। ਊਜਲ ਭਾਇ = ਚਿੱਟੇ ਰੰਗ ਤੇ, ਚਿੱਟਾ।ਹੇ ਕਬੀਰ! ਹਲਦੀ ਪੀਲੇ ਰੰਗ ਦੀ ਹੁੰਦੀ ਹੈ, ਚੂਨਾ ਸਫ਼ੈਦ ਹੁੰਦਾ ਹੈ (ਪਰ ਜਦੋਂ ਇਹ ਦੋਵੇਂ ਮਿਲਦੇ ਹਨ ਤਾਂ ਦੋਹਾਂ ਦਾ ਰੰਗ ਦੂਰ ਹੋ ਜਾਂਦਾ ਹੈ, ਤੇ ਲਾਲ ਰੰਗ ਪੈਦਾ ਹੋ ਜਾਂਦਾ ਹੈ; ਇਸੇ ਤਰ੍ਹਾਂ)
 
राम सनेही तउ मिलै दोनउ बरन गवाइ ॥५६॥
Rām sanehī ṯa▫o milai don▫o baran gavā▫e. ||56||
You shall meet the Beloved Lord, only when both colors are lost. ||56||
ਕੇਵਲ ਤਦ ਹੀ ਪਿਆਰਾ ਪ੍ਰਭੂ ਮਿਲਦਾ ਹੈ, ਜਦ ਦੋਨੋ ਹੀ ਰੰਗ ਦੂਰ ਹੋ ਜਾਂਦੇ ਹਨ।
ਸਨੇਹੀ = ਸਨੇਹ ਕਰਨ ਵਾਲਾ, ਪਿਆਰ ਕਰਨ ਵਾਲਾ। ਤਉ = ਤਦੋਂ। ਦੋਨਉ ਬਰਨ = ਦੋਵੇਂ ਉੱਚੀ ਤੇ ਨੀਵੀਂ ਜਾਤਿ (ਦਾ ਵਿਤਕਰਾ) ॥੫੬॥ਪਰਮਾਤਮਾ ਨਾਲ ਪਿਆਰ ਕਰਨ ਵਾਲਾ ਮਨੁੱਖ ਪਰਮਾਤਮਾ ਨੂੰ ਤਦੋਂ ਮਿਲਿਆ ਸਮਝੋ, ਜਦੋਂ ਮਨੁੱਖ ਉੱਚੀ ਨੀਵੀਂ ਦੋਵੇਂ ਜਾਤੀਆਂ (ਦਾ ਵਿਤਕਰਾ) ਮਿਟਾ ਦੇਂਦਾ ਹੈ, (ਤੇ ਉਸ ਦੇ ਅੰਦਰ ਸਭ ਜੀਵਾਂ ਵਿਚ ਇੱਕ ਪ੍ਰਭੂ ਦੀ ਜੋਤਿ ਹੀ ਵੇਖਣ ਦੀ ਸੂਝ ਪੈਦਾ ਹੋ ਜਾਂਦੀ ਹੈ) ॥੫੬॥
 
कबीर हरदी पीरतनु हरै चून चिहनु न रहाइ ॥
Kabīr harḏī pīrṯan harai cẖūn cẖihan na rahā▫e.
Kabeer, turmeric has lost its yellow color, and no trace of lime's whiteness remains.
ਕਬੀਰ, ਹਲਦੀ ਦੀ ਪਿਲੱਤਣ ਚਲੀ ਜਾਂਦੀ ਹੈ ਅਤੇ ਕਲੀ ਦੇ ਚਿੱਟਪਣ ਦਾ ਨਿਸ਼ਾਨ ਤਦ ਨਹੀਂ ਰਹਿੰਦਾ।
ਪੀਰਤਨੁ = ਪਿਲੱਤਣ, ਪੀਲਾ ਰੰਗ। ਹਰੈ = ਦੂਰ ਕਰ ਦੇਂਦੀ ਹੈ। ਚੂਨ ਚਿਹਨੁ = ਚੂਨੇ ਦਾ ਚਿਹਨ, ਚੂਨੇ ਦਾ ਚਿੱਟਾ ਰੰਗ। ਨ ਰਹਾਇ = ਨਹੀਂ ਰਹਿੰਦਾ।ਹੇ ਕਬੀਰ! (ਜਦੋਂ ਹਲਦੀ ਤੇ ਚੂਨਾ ਮਿਲਦੇ ਹਨ ਤਾਂ) ਹਲਦੀ ਆਪਣਾ ਪੀਲਾ ਰੰਗ ਛੱਡ ਦੇਂਦੀ ਹੈ, ਚੂਨੇ ਦਾ ਚਿੱਟਾ ਰੰਗ ਨਹੀਂ ਰਹਿੰਦਾ, (ਇਸੇ ਤਰ੍ਹਾਂ ਸਿਮਰਨ ਦੀ ਬਰਕਤਿ ਨਾਲ ਨੀਵੀਂ ਜਾਤਿ ਵਾਲੇ ਮਨੁੱਖ ਦੇ ਅੰਦਰੋਂ ਨੀਵੀਂ ਜਾਤਿ ਵਾਲੀ ਢਹਿੰਦੀ ਕਲਾ ਮਿਟ ਜਾਂਦੀ ਹੈ, ਤੇ ਉੱਚੀ ਜਾਤਿ ਵਾਲੇ ਦੇ ਮਨ ਵਿਚੋਂ ਉੱਚਤਾ ਦਾ ਮਾਣ ਦੂਰ ਹੁੰਦਾ ਹੈ)।
 
बलिहारी इह प्रीति कउ जिह जाति बरनु कुलु जाइ ॥५७॥
Balihārī ih parīṯ ka▫o jih jāṯ baran kul jā▫e. ||57||
I am a sacrifice to this love, by which social class and status, color and ancestry are taken away. ||57||
ਕੁਰਬਾਨ ਹਾਂ ਮੈਂ ਇਸ ਪਿਰਹੜੀ ਉਤੋਂ, ਜਿਸ ਦੁਆਰਾ ਜਾਤੀ, ਗੋਤ ਅਤੇ ਵੰਸ਼ ਮਿਟ ਜਾਂਦੇ ਹਨ।
ਬਲਿਹਾਰੀ = ਸਦਕੇ, ਕੁਰਬਾਨ। ਜਿਹ = ਜਿਸ ਪ੍ਰੀਤ ਦੀ ਬਰਕਤਿ ਨਾਲ ॥੫੭॥ਮੈਂ ਸਦਕੇ ਹਾਂ ਇਸ ਪ੍ਰਭੂ-ਪ੍ਰੀਤ ਤੋਂ, ਜਿਸ ਦਾ ਸਦਕਾ ਉੱਚੀ ਨੀਵੀਂ ਜਾਤਿ ਵਰਨ ਕੁਲ (ਦਾ ਫ਼ਰਕ) ਮਿਟ ਜਾਂਦਾ ਹੈ ॥੫੭॥
 
कबीर मुकति दुआरा संकुरा राई दसएं भाइ ॥
Kabīr mukaṯ ḏu▫ārā sankurā rā▫ī ḏas▫eʼn bẖā▫e.
Kabeer, the door of liberation is very narrow, less than the width of a mustard seed.
ਕਬੀਰ, ਤੰਗ ਹੈ ਕਲਿਆਣ ਦਾ ਦਰਵਾਜਾ। ਇਸਦੀ ਚੁੜਾਈ ਸਰੋ ਦੇ ਦਾਣੇ ਦਾ ਦਸਵਾਂ ਹਿੱਸਾ ਹੈ।
ਮੁਕਤਿ ਦੁਆਰਾ = ਉਹ ਦਰਵਾਜ਼ਾ ਜਿਸ ਵਿਚੋਂ ਲੰਘ ਕੇ 'ਲਾਖ ਅਹੇਰੀ' ਅਤੇ 'ਪਾਂਚਉ ਲਰਿਕਾ' ਤੋਂ ਖ਼ਲਾਸੀ ਹੋ ਸਕਦੀ ਹੈ। ਸੰਕੁਰਾ = ਭੀੜਾ। ਦਸਏਂ ਭਾਇ = ਦਸਵਾਂ ਹਿੱਸਾ।ਹੇ ਕਬੀਰ! ਉਹ ਦਰਵਾਜ਼ਾ ਜਿਸ ਵਿਚੋਂ ਦੀ ਲੰਘ ਕੇ 'ਲਾਖ ਅਹੇਰੀ' ਅਤੇ 'ਪਾਂਚਉ ਲਰਿਕਾ' ਤੋਂ ਖ਼ਲਾਸੀ ਹੁੰਦੀ ਹੈ, ਬਹੁਤ ਭੀੜਾ ਹੈ, ਰਾਈ ਦੇ ਦਾਣੇ ਤੋਂ ਭੀ ਦਸਵਾਂ ਹਿੱਸਾ ਸਮਝੋ,
 
मनु तउ मैगलु होइ रहिओ निकसो किउ कै जाइ ॥५८॥
Man ṯa▫o maigal ho▫e rahi▫o nikso ki▫o kai jā▫e. ||58||
Your mind is larger than an elephant; how will it pass through? ||58||
ਤੇਰਾ ਮਨੂਆ ਹਾਥੀ ਦੀ ਤਰ੍ਹਾਂ ਵੱਡਾ ਹੋਇਆ ਹੋਇਆ ਹੈ। ਇਹ ਕਿਸ ਤਰ੍ਹਾਂ ਵਿੱਚ ਦੀ ਲੰਘ ਸਕਦਾ ਹੈ?
ਮੈਗਲ = (Skt. मदकल) ਮਸਤ ਹਾਥੀ, ਤੀਰਥ-ਇਸ਼ਨਾਨ ਅਤੇ ਉੱਚੀ ਜਾਤਿ ਵਿਚ ਜਨਮ ਦੇ ਅਹੰਕਾਰ ਨਾਲ ਹਾਥੀ ਵਾਂਗ ਮਸਤਿਆ ਹੋਇਆ। ਕਿਉ ਕੈ = ਕਿਉ ਕਰਿ? ਕਿਵੇਂ? ਕਿਸ ਤਰ੍ਹਾਂ? (ਭਾਵ, ਨਹੀਂ)। ਨਿਕਸੋ ਜਾਇ = ਲੰਘਿਆ ਜਾਏ ॥੫੮॥ਪਰ ਜਿਸ ਮਨੁੱਖ ਦਾ ਮਨ ਤੀਰਥ-ਇਸ਼ਨਾਨ ਅਤੇ ਉੱਚੀ ਜਾਤਿ ਵਿਚ ਜਨਮ ਲੈਣ ਦੇ ਅਹੰਕਾਰ ਨਾਲ ਮਸਤ ਹਾਥੀ ਵਰਗਾ ਬਣਿਆ ਪਿਆ ਹੈ, ਉਹ ਇਸ ਦਰਵਾਜ਼ੇ ਵਿਚੋਂ ਦੀ ਨਹੀਂ ਲੰਘ ਸਕਦਾ ॥੫੮॥
 
कबीर ऐसा सतिगुरु जे मिलै तुठा करे पसाउ ॥
Kabīr aisā saṯgur je milai ṯuṯẖā kare pasā▫o.
Kabeer, if I meet such a True Guru, who mercifully blesses me with the gift,
ਜੇਕਰ ਮੈਂ ਐਹੋ ਜੇਹੇ ਸੱਚੇ ਗੁਰਾਂ ਨੂੰ ਮਿਲ ਪਵਾਂ, ਜੋ ਮਿਹਰਬਾਨ ਹੋ ਕੇ ਮੈਨੂੰ ਇਸਦੀ ਦਾਤ ਬਖਸ਼ੇ,
ਤੁਠਾ = ਪ੍ਰਸੰਨ ਹੋ ਕੇ। ਪਸਾਉ = ਪ੍ਰਸਾਦ, ਮੇਹਰ, ਕਿਰਪਾ।ਹੇ ਕਬੀਰ! ਜੇ ਕੋਈ ਅਜਿਹਾ ਗੁਰੂ ਮਿਲ ਪਏ, ਜੋ ਪ੍ਰਸੰਨ ਹੋ ਕੇ (ਮਨੁੱਖ ਉਤੇ) ਮੇਹਰ ਕਰੇ,
 
मुकति दुआरा मोकला सहजे आवउ जाउ ॥५९॥
Mukaṯ ḏu▫ārā moklā sėhje āva▫o jā▫o. ||59||
then the door of liberation will open wide for me, and I will easily pass through. ||59||
ਤਦ ਕਲਿਆਣ ਦਾ ਦਰਵਾਜਾ ਖੁਲ੍ਹਾ ਹੋ ਜਾਵੇਗਾ ਅਤੇ ਮੈਂ ਸੁਖੈਨ ਹੀ ਇਸ ਵਿਚਦੀ ਲੰਘ ਜਾਵਾਂਗਾ ਹੇ ਕਬੀਰ।
ਮੋਕਲਾ = ਖੁਲ੍ਹਾ। ਸਹਜੇ = ਸਹਜ ਵਿਚ, ਅਡੋਲ ਅਵਸਥਾ ਵਿਚ ਟਿਕ ਕੇ, 'ਪਾਂਚਉ ਲਰਿਕਾ' ਅਤੇ 'ਲਾਖ ਅਹੇਰੀ' ਦੀ ਘਬਰਾਹਟ ਤੋਂ ਪਰੇ ਰਹਿ ਕੇ। ਆਵਉ ਜਾਉ = ਬੇਸ਼ੱਕ ਕਿਰਤ-ਕਾਰ ਕਰਦੇ ਫਿਰੋ ॥੫੯॥ਤਾਂ ਉਹ ਦਰਵਾਜ਼ਾ ਜਿਸ ਰਾਹੀਂ ਇਹਨਾਂ ਕਾਮਾਦਿਕਾਂ ਤੋਂ ਖ਼ਲਾਸੀ ਹੋ ਸਕਦੀ ਹੈ, ਖੁੱਲ੍ਹਾ ਹੋ ਜਾਂਦਾ ਹੈ, (ਗੁਰੂ-ਦਰ ਤੋਂ ਮਿਲੀ) ਅਡੋਲ ਅਵਸਥਾ ਵਿਚ ਟਿਕ ਕੇ ਫਿਰ ਬੇ-ਸ਼ੱਕ ਕਿਰਤ-ਕਾਰ ਕਰਦੇ ਫਿਰੋ ॥੫੯॥
 
कबीर ना मोहि छानि न छापरी ना मोहि घरु नही गाउ ॥
Kabīr nā mohi cẖẖān na cẖẖāprī nā mohi gẖar nahī gā▫o.
Kabeer, I have no hut or hovel, no house or village.
ਕਬੀਰ ਮੇਰੇ ਕੋਲ ਛਪਰ ਨਹੀਂ, ਨਾਂ ਹੀ ਕੋਈ ਕੁੱਲੀ ਹੈ। ਮੇਰੇ ਕੋਲ ਨਾਂ ਝੁਗਾ ਹੈ ਨਾਂ ਪਿੰਡ।
ਮਹਿ = (ਅਸਲ ਲਫ਼ਜ਼ 'ਮੋਹਿ' ਹੈ, ਇਥੇ 'ਮੁਹਿ' ਪੜ੍ਹਨਾ ਹੈ। ਪਾਠ ਦੀ ਚਾਲ ਨੂੰ ਠੀਕ ਰੱਖਣ ਲਈ ਇਕ ਮਾਤ੍ਰਾ ਘਟਾਣੀ ਹੈ) ਮੇਰੇ ਪਾਸ। ਛਾਨਿ = ਛੰਨ। ਛਾਪਰੀ = ਕੁੱਲੀ। ਗਾਉ = ਪਿੰਡ।ਹੇ ਕਬੀਰ! ਮੇਰੇ ਪਾਸ ਨਾਹ ਕੋਈ ਛੰਨ ਨਾਹ ਕੁੱਲੀ; ਨਾਹ ਮੇਰੇ ਪਾਸ ਕੋਈ ਘਰ ਨਾਹ ਗਿਰਾਂ;
 
मत हरि पूछै कउनु है मेरे जाति न नाउ ॥६०॥
Maṯ har pūcẖẖai ka▫un hai mere jāṯ na nā▫o. ||60||
I hope that the Lord will not ask who I am. I have no social status or name. ||60||
ਮੇਰਾ ਕੋਈ ਵਰਨ ਅਤੇ ਨਾਮ ਨਹੀਂ ਅਤੇ ਸੁਆਮੀ ਨੇ ਪੁਛਣਾ ਹੀ ਨਹੀਂ ਕਿ ਮੈਂ ਕੌਣ ਹਾਂ।
ਮਤ = ਮਤਾਂ, ਸ਼ਾਇਦ। ਮੇਰੇ = ਮੇਰੇ ਪਾਸ (ਆਸਰਾ)। ਨਾਉ = ਨਾਮਣਾ, ਮਲਕੀਅਤ ਦੀ ਵਡਿਆਈ ॥੬੦॥ਜਿਵੇਂ ਮੇਰੇ ਮਨ ਵਿਚ ਜਾਤਿ ਦਾ ਕੋਈ ਵਿਤਕਰਾ ਨਹੀਂ ਤਿਵੇਂ ਮਲਕੀਅਤ ਦੇ ਨਾਮਣੇ ਦੀ ਕੋਈ ਚਾਹ ਨਹੀਂ (ਜੇ ਜਾਤਿ-ਅਭਿਮਾਨ ਤੇ ਮਾਇਆ ਦੀ ਮਮਤਾ ਛੱਡ ਦੇਈਏ ਤਾਂ) ਸ਼ਾਇਦ ਪਰਮਾਤਮਾ (ਅਸਾਡੀ) ਵਾਤ ਪੁੱਛ ਲਏ ॥੬੦॥
 
कबीर मुहि मरने का चाउ है मरउ त हरि कै दुआर ॥
Kabīr muhi marne kā cẖā▫o hai mara▫o ṯa har kai ḏu▫ār.
Kabeer, I long to die; let me die at the Lord's Door.
ਕਬੀਰ, ਮੈਨੂੰ ਮਰਨ ਦੀ ਤੀਬਰ ਚਾਹਲਾ ਹੈ, ਪਰ ਜਦ ਵੀ ਮੈਂ ਮਰਾਂ ਤਾਂ ਪ੍ਰਭੂ ਦੇ ਬੂਹੇ ਤੇ ਮਰਾਂ।
ਮੁਹਿ = ਮੈਨੂੰ। ਮਰਨੇ ਕਾ = ਆਪਾ-ਭਾਵ ਮਿਟਾਣ ਦਾ, ਚੰਗੇ ਕਰਮ ਉੱਚੀ ਜਾਤਿ ਅਤੇ ਮਲਕੀਅਤ ਦੇ ਮਾਣ ਵਲੋਂ ਮਰਨ ਦਾ। ਚਾਉ = ਤਾਂਘ। ਮਰਉ = ਜੇ ਮੈਂ ਇਹ ਮਰਨੀ ਮਰਨਾ ਚਾਹੁੰਦਾ ਹਾਂ। ਤ = ਤਾਂ।ਹੇ ਕਬੀਰ! ਮੇਰੇ ਅੰਦਰ ਤਾਂਘ ਹੈ ਕਿ ਮੈਂ ਆਪਾ-ਭਾਵ ਮਿਟਾ ਦਿਆਂ, ਮਮਤਾ ਮੁਕਾ ਦਿਆਂ; ਪਰ ਇਹ ਆਪਾ-ਭਾਵ ਤਦੋਂ ਹੀ ਮਿਟ ਸਕਦਾ ਹੈ ਜੇ ਪ੍ਰਭੂ ਦੇ ਦਰ ਤੇ ਡਿੱਗ ਪਈਏ,
 
मत हरि पूछै कउनु है परा हमारै बार ॥६१॥
Maṯ har pūcẖẖai ka▫un hai parā hamārai bār. ||61||
I hope that the Lord does not ask, "Who is this, lying at my door?" ||61||
ਕਾਸ਼! ਵਾਹਿਗੁਰੂ ਇਹ ਨਾਂ ਪੁਛ "ਇਹ ਕਿਹੜਾ ਪ੍ਰਾਣੀ ਹੈ ਜੋ ਮੇਰੇ ਬੂਹੇ ਤੇ ਪਿਆ ਹੈ?
ਬਾਰ = ਦਰਵਾਜ਼ੇ ਤੇ ॥੬੧॥(ਇਸ ਤਰ੍ਹਾਂ ਕੋਈ ਅਜਬ ਗੱਲ ਨਹੀਂ ਕਿ ਮੇਹਰ ਕਰ ਕੇ ਉਹ ਬਖ਼ਸ਼ਿੰਦ) ਪ੍ਰਭੂ ਕਦੇ ਪੁੱਛ ਹੀ ਬਹੇ ਕਿ ਮੇਰੇ ਦਰਵਾਜ਼ੇ ਉਤੇ ਕੌਣ ਡਿੱਗ ਪਿਆ ਹੈ ॥੬੧॥
 
कबीर ना हम कीआ न करहिगे ना करि सकै सरीरु ॥
Kabīr nā ham kī▫ā na karhige nā kar sakai sarīr.
Kabeer, I have not done anything; I shall not do anything; my body cannot do anything.
ਕਬੀਰ, ਇਹ ਮੈਂ ਨਹੀਂ ਕੀਤਾ, ਨਾਂ ਮੈਂ ਇਸ ਨੂੰ ਕਰਾਂਗਾ ਨਾਂ ਹੀ ਮੇਰੀ ਦੇਹ ਇਸ ਨੂੰ ਕਰ ਸਕਦੀ ਹੈ।
ਨਾਹ ਹਮ ਕੀਆ = ਮੈਂ ਇਹ ਕੰਮ ਨਹੀਂ ਕੀਤਾ, ਇਹ ਮੇਰੀ ਹਿੰਮਤ ਨਹੀਂ ਸੀ ਕਿ ਕਾਮਾਦਿਕ "ਲਾਖ ਅਹੇਰੀ" ਦੀ ਮਾਰ ਤੋਂ ਬਚ ਕੇ ਮੈਂ ਪ੍ਰਭੂ-ਚਰਨਾਂ ਵਿਚ ਜੁੜ ਸਕਦਾ। ਨ ਕਰਹਿਗੇ = ਅਗਾਂਹ ਨੂੰ ਭੀ ਮੇਰੇ ਵਿਚ ਇਹ ਤਾਕਤ ਨਹੀਂ ਆ ਸਕਦੀ ਕਿ ਮੈਂ ਇਹਨਾਂ ਵਿਕਾਰਾਂ ਦਾ ਟਾਕਰਾ ਖ਼ੁਦ ਕਰ ਸਕਾਂ। ਨਾ ਕਰਿ ਸਕੈ ਸਰੀਰੁ = ਮੇਰਾ ਇਹ ਸਰੀਰ ਭੀ ਆਪਣੇ ਆਪ ਇਤਨੀ ਹਿੰਮਤ ਕਰਨ-ਯੋਗਾ ਨਹੀਂ, ਕਿਉਂਕਿ ਇਸ ਦੇ ਗਿਆਨ-ਇੰਦ੍ਰੇ ਵਿਕਾਰਾਂ ਵਲ ਹੀ ਪ੍ਰੇਰ ਰਹੇ ਹਨ।ਹੇ ਕਬੀਰ! ਇਹ ਮੇਰੀ ਹਿੰਮਤ ਨਹੀਂ ਸੀ ਕਿ ਕਾਮਾਦਿਕ 'ਲਾਖ ਅਹੇਰੀ' ਦੀ ਮਾਰ ਤੋਂ ਬਚ ਕੇ ਮੈਂ ਪ੍ਰਭੂ-ਚਰਨਾਂ ਵਿਚ ਜੁੜ ਸਕਦਾ; ਅਗਾਂਹ ਨੂੰ ਭੀ ਮੇਰੇ ਵਿਚ ਇਹ ਤਾਕਤ ਨਹੀਂ ਆ ਸਕਦੀ ਕਿ ਖ਼ੁਦ ਇਹਨਾਂ ਵਿਕਾਰਾਂ ਦਾ ਟਾਕਰਾ ਕਰਾਂ, ਮੇਰਾ ਇਹ ਸਰੀਰ ਇਤਨੇ ਜੋਗਾ ਹੈ ਹੀ ਨਹੀਂ।
 
किआ जानउ किछु हरि कीआ भइओ कबीरु कबीरु ॥६२॥
Ki▫ā jān▫o kicẖẖ har kī▫ā bẖa▫i▫o Kabīr Kabīr. ||62||
I do not know what the Lord has done, but the call has gone out: "Kabeer, Kabeer". ||62||
ਮੈਂ ਕੀ ਜਾਣਦਾ ਹਾਂ ਕਿ ਮੇਰੇ ਪ੍ਰਭੂ ਨੇ ਕੀ ਕੀਤਾ ਹੈ, ਕਿ ਸਾਰੇ ਹੀ ਕਬੀਰ, ਕਬੀਰ ਦਾ ਜਸ ਹੋ ਰਿਹਾ ਹੈ।
ਕਿਆ ਜਾਨਉ = ਕੀਹ ਪਤਾ? ਕੋਈ ਅਜਬ ਗੱਲ ਨਹੀਂ ਕਿ, ਅਸਲ ਗੱਲ ਇਹੀ ਹੋਵੇਗੀ ਕਿ। ਕਿਛੁ = ਜੋ ਕੁਝ ਕੀਤਾ ਹੈ, ਕਾਮਾਦਿਕਾਂ ਨੂੰ ਜਿੱਤ ਕੇ ਜੋ ਭੀ ਭਗਤੀ ਕੀਤੀ ਹੈ। ਕਬੀਰੁ = ਵੱਡਾ ॥੬੨॥ਅਸਲ ਗੱਲ ਇਹ ਹੈ ਕਿ ਕਾਮਾਦਿਕਾਂ ਨੂੰ ਜਿੱਤ ਕੇ ਜੋ ਥੋੜ੍ਹੀ-ਬਹੁਤ ਭਗਤੀ ਮੈਥੋਂ ਹੋਈ ਹੈ ਇਹ ਸਭ ਕੁਝ ਪ੍ਰਭੂ ਨੇ ਆਪ ਕੀਤਾ ਹੈ ਤੇ (ਉਸ ਦੀ ਮੇਹਰ ਨਾਲ) ਕਬੀਰ (ਭਗਤ) ਮਸ਼ਹੂਰ ਹੋ ਗਿਆ ਹੈ ॥੬੨॥
 
कबीर सुपनै हू बरड़ाइ कै जिह मुखि निकसै रामु ॥
Kabīr supnai hū barṛā▫e kai jih mukẖ niksai rām.
Kabeer, if someone utters the Name of the Lord even in dreams,
ਕਬੀਰ, ਜਿਸ ਦੇ ਮੂੰਹ ਵਿਚੋਂ ਉਸ ਦੇ ਸੁਫਨੇ ਦੇ ਬੁਰੜਾਉਣ ਅੰਦਰ ਵੀ ਪ੍ਰਭੂ ਦਾ ਨਾਮ ਨਿਕਲਦਾ ਹੈ।
ਸੁਪਨੈ ਹੂ = ਸੁਪਨੇ ਵਿਚ। ਬਰੜਾਇ ਕੈ = ਸੁੱਤੇ ਪਿਆਂ ਸੁਪਨੇ ਆਉਣ ਤੇ ਕਈ ਵਾਰੀ ਗੱਲਾਂ ਕਰਨ ਲੱਗ ਪਈਦੀਆਂ ਹਨ, ਇਸ ਨੂੰ ਬਰੜਾਉਣਾ ਆਖੀਦਾ ਹੈ। ਜਿਹ ਮੁਖਿ = ਜਿਸ ਮਨੁੱਖ ਦੇ ਮੂੰਹੋਂ। ਨਿਕਸੈ = ਨਿਕਲੇ।ਹੇ ਕਬੀਰ! ਸੁੱਤੇ ਪਿਆਂ ਸੁਪਨੇ ਵਿਚ ਉੱਚੀ ਬੋਲਿਆਂ ਜੇ ਕਿਸੇ ਮਨੁੱਖ ਦੇ ਮੂੰਹੋਂ ਪਰਮਾਤਮਾ ਦਾ ਨਾਮ ਨਿਕਲੇ ਤਾਂ,
 
ता के पग की पानही मेरे तन को चामु ॥६३॥
Ŧā ke pag kī pānhī mere ṯan ko cẖām. ||63||
I would make my skin into shoes for his feet. ||63||
ਕਾਸ਼! ਮੇਰੀ ਦੇਹ ਦੀ ਖਲ ਉਸ ਦੇ ਪੈਰਾਂ ਦੀ ਜੁੱਤੀ ਹੋ ਜਾਵੇ।
ਪਗ = ਪੈਰ। ਪਾਨਹੀ = (Skt. ਉਪਾਨਹ) ਜੁੱਤੀ। ਚਾਮੁ = ਚੰਮ, ਖੱਲ ॥੬੩॥ਉਸ ਦੇ ਪੈਰਾਂ ਦੀ ਜੁੱਤੀ ਵਾਸਤੇ ਮੇਰੇ ਸਰੀਰ ਦੀ ਖੱਲ ਹਾਜ਼ਰ ਹੈ (ਭਾਵ, ਮੈਂ ਹਰ ਤਰ੍ਹਾਂ ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ) ॥੬੩॥
 
कबीर माटी के हम पूतरे मानसु राखिओ नाउ ॥
Kabīr mātī ke ham pūṯre mānas rākẖi▫o nā▫o.
Kabeer, we are puppets of clay, but we take the name of mankind.
ਕਬੀਰ, ਅਸੀਂ ਮਿੱਟੀ ਦੀਆਂ ਗੁਡੀਆਂ ਹਾਂ ਅਤੇ ਸਾਡਾ ਨਾਮ ਆਦਮੀ ਧਰਿਆ ਹੋਇਆ ਹੈ।
ਪੂਤਰੇ = ਪੁਤਲੇ। ਰਾਖਿਓ‍ੁ = ('ੳ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ)। ਅਸਲ ਲਫ਼ਜ਼ 'ਰਾਖਿਓ' ਹੈ, ਇਥੇ ਪਾਠ ਦੀ ਚਾਲ ਨੂੰ ਠੀਕ ਰੱਖਣ ਲਈ 'ਰਾਖਿਉ' ਪੜ੍ਹਨਾ ਹੈ)ਹੇ ਕਬੀਰ! ਅਸੀਂ ਮਿੱਟੀ ਦੀਆਂ ਪੁਤਲੀਆਂ ਹਾਂ, ਅਸਾਂ ਆਪਣੇ ਆਪ ਦਾ ਨਾਮ ਤਾਂ ਮਨੁੱਖ ਰੱਖ ਲਿਆ ਹੈ (ਪਰ ਰਹੇ ਅਸੀਂ ਮਿੱਟੀ ਦੇ ਹੀ ਪੁਤਲੇ, ਕਿਉਂਕਿ ਜਿਸ ਪਰਮਾਤਮਾ ਨੇ ਅਸਾਡਾ ਇਹ ਪੁਤਲਾ ਸਜਾ ਕੇ ਇਸ ਵਿਚ ਆਪਣੀ ਜੋਤਿ ਪਾਈ ਹੈ ਉਸ ਨੂੰ ਵਿਸਾਰ ਕੇ ਮਿੱਟੀ ਨਾਲ ਹੀ ਪਿਆਰ ਕਰ ਰਹੇ ਹਾਂ);
 
चारि दिवस के पाहुने बड बड रूंधहि ठाउ ॥६४॥
Cẖār ḏivas ke pāhune bad bad rūʼnḏẖėh ṯẖā▫o. ||64||
We are guests here for only a few days, but we take up so much space. ||64||
ਭਾਵੇਂ ਅਸੀਂ ਇਥੇ ਕੇਵਲ ਚਹੁੰ ਦਿਨਾਂ ਦੇ ਪ੍ਰਾਹੁਣੇ ਹਾਂ, ਤਾਂ ਵੀ ਅਸੀਂ ਇਥੇ ਬਹੁਤ ਥਾਂ ਮਲ ਲੈਂਦੇ ਹਾਂ।
ਪਾਹੁਨੇ = ਪ੍ਰਾਹੁਣੇ। ਰੂੰਧਹਿ = ਅਸੀਂ ਮੱਲਦੇ ਹਾਂ। ਠਾਉ = ਥਾਂ। ਬਡ ਬਡ = ਵਧੀਕ ਵਧੀਕ, ਹੋਰ ਹੋਰ। ਮਾਨਸੁ = ਮਨੁੱਖ ॥੬੪॥ਅਸੀਂ ਇਥੇ ਚਾਰ ਦਿਨਾਂ ਲਈ ਪ੍ਰਾਹੁਣੇ ਹਾਂ ਪਰ ਵਧੀਕ ਵਧੀਕ ਥਾਂ ਮੱਲਦੇ ਜਾ ਰਹੇ ਹਾਂ ॥੬੪॥
 
कबीर महिदी करि घालिआ आपु पीसाइ पीसाइ ॥
Kabīr mahiḏī kar gẖāli▫ā āp pīsā▫e pīsā▫e.
Kabeer, I have made myself into henna, and I grind myself into powder.
ਕਬੀਰ ਮੈਂ ਆਪਣੇ ਆਪ ਨੂੰ ਮਹਿੰਦੀ ਬਣਾ ਲਿਆ ਹੈ ਅਤੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਪੀਹ ਲਿਆ ਹੈ।
ਮਹਿਦੀ ਕਰਿ = ਮਹਿੰਦੀ ਵਾਂਗ। ਘਾਲਿਆ = ਘਾਲ-ਮੇਹਨਤ ਕੀਤੀ। ਆਪੁ = ਆਪਣੇ ਆਪ ਨੂੰ। ਪੀਸਾਇ ਪੀਸਾਇ = ਪੀਹ ਪੀਹ ਕੇ, ਤਪ ਆਦਿਕਾਂ ਦੇ ਕਸ਼ਟ ਦੇ ਦੇ ਕੇ।ਹੇ ਕਬੀਰ! (ਮਹਿੰਦੀ ਪੀਹ ਪੀਹ ਕੇ ਬਾਰੀਕ ਕਰੀਦੀ ਹੈ, ਤੇ ਫਿਰ ਪੈਰੀਂ ਲਾਈਦੀ ਹੈ। ਇਸ ਤਰ੍ਹਾਂ ਮਹਿੰਦੀ ਦੇ ਸਹੇ ਹੋਏ ਕਸ਼ਟ ਮਾਨੋ, ਕਬੂਲ ਪੈ ਜਾਂਦੇ ਹਨ; ਪਰ)
 
तै सह बात न पूछीऐ कबहु न लाई पाइ ॥६५॥
Ŧai sah bāṯ na pūcẖẖī▫ai kabahu na lā▫ī pā▫e. ||65||
But You, O my Husband Lord, have not asked about me; You have never applied me to Your Feet. ||65||
ਪਰ ਤੂੰ ਹੇ ਕੰਤ! ਮੇਰੀ ਤਾਂ ਪੁਛਗਿਛ ਹੀ ਨਹੀਂ ਕੀਤੀ ਅਤੇ ਕਦੇ ਭੀ ਮੈਨੂੰ ਆਪਣੇ ਪੈਰਾਂ ਨੂੰ ਨਹੀਂ ਲਾਇਆ।
ਸਹ = ਹੇ ਖਸਮ! ਤੈ ਬਾਤ ਨ ਪੂਛੀਐ = ਤੂੰ ਵਾਤ ਭੀ ਨਾ ਪੁੱਛੀ, ਤੂੰ ਧਿਆਨ ਭੀ ਨਾਹ ਕੀਤਾ, ਤੂੰ ਪਰਤ ਕੇ ਤੱਕਿਆ ਭੀ ਨਾਹ। ਕਬਹੁ = ਕਦੇ ਭੀ। ਨ ਲਾਈ ਪਾਇ = ਪੈਰੀਂ ਨਾਹ ਲਾਈ, ਚਰਨਾਂ ਵਿਚ ਨਾਹ ਜੋੜਿਆ (ਜਿਵੇਂ ਪੀਠੀ ਹੋਈ ਮਹਿੰਦੀ ਕੋਈ ਪੈਰੀਂ ਲਾਉਂਦਾ ਹੈ) ॥੬੫॥ਜਿਸ ਮਨੁੱਖ ਨੇ ਆਪਣੇ ਆਪ ਨੂੰ ਤਪ ਆਦਿਕਾਂ ਦੇ ਕਸ਼ਟ ਦੇ ਕੇ ਬੜੀ ਘਾਲ ਘਾਲੀ ਜਿਵੇਂ ਮਹਿੰਦੀ ਨੂੰ ਪੀਹ ਪੀਹ ਕੇ ਬਾਰੀਕ ਕਰੀਦਾ ਹੈ, ਹੇ ਪ੍ਰਭੂ! ਤੂੰ ਉਸ ਦੀ ਘਾਲ-ਕਮਾਈ ਵਲ ਤਾਂ ਪਰਤ ਕੇ ਤੱਕਿਆ ਭੀ ਨਾ, ਤੂੰ ਉਸ ਨੂੰ ਕਦੇ ਆਪਣੇ ਚਰਨਾਂ ਵਿਚ ਨਾਹ ਜੋੜਿਆ ॥੬੫॥
 
कबीर जिह दरि आवत जातिअहु हटकै नाही कोइ ॥
Kabīr jih ḏar āvaṯ jāṯi▫ahu hatkai nāhī ko▫e.
Kabeer, that door, through which people never stop coming and going -
ਕਬੀਰ ਉਹ ਬੂਹਾ, ਜਿਸ ਤੇ ਆਉਣ ਅਤੇ ਜਾਣ ਤੋਂ ਕੋਈ ਰੋਕਦਾ ਨਹੀਂ,
ਹਟਕੈ = ਰੋਕ ਪਾਂਦਾ ਹੈ, ਟੋਕਦਾ ਹੈ, ਜ਼ਿੰਦਗੀ ਦੇ ਸਹੀ ਰਾਹ ਤੋਂ ਰੋਕਦਾ ਹੈ। ਆਵਤ ਜਾਤਿਅਹੁ = ਆਉਣ ਜਾਣ ਵਾਲੇ ਨੂੰ, ਜੋ ਸਦਾ ਆਉਂਦਾ ਜਾਂਦਾ ਰਹੇ, ਜੋ ਸਦਾ ਟਿਕਿਆ ਰਹੇ, ਸਦਾ ਟਿਕੇ ਰਹਿਣ ਵਾਲੇ ਨੂੰ। ਕੋਇ = 'ਲਾਖ ਅਹੇਰੀ', 'ਪਾਂਚਉ ਲਰਿਕ' ਵਿਚੋਂ ਕੋਈ ਭੀ।ਹੇ ਕਬੀਰ! ਜਿਸ ਦਰ ਤੇ ਟਿਕੇ ਰਿਹਾਂ ('ਲਾਖ ਅਹੇਰੀ', 'ਪਾਂਚਉ ਲਰਿਕਾ' ਆਦਿਕ ਵਿਚੋਂ) ਕੋਈ ਭੀ (ਜੀਵਨ ਦੇ ਸਹੀ ਰਾਹ ਵਿਚ ਰੋਕ ਨਹੀਂ ਪਾ ਸਕਦਾ,
 
सो दरु कैसे छोडीऐ जो दरु ऐसा होइ ॥६६॥
So ḏar kaise cẖẖodī▫ai jo ḏar aisā ho▫e. ||66||
how can I leave such a door as that? ||66||
ਮੈਂ ਉਸ ਬੂਹੇ ਨੂੰ ਕਿਸ ਤਰ੍ਹਾਂ ਛਡ ਸਕਦਾ ਹਾਂ ਜਿਹੜਾ ਐਹੋ ਜੇਹੀ ਕਿਸਮ ਦਾ ਹੈ।
ਕੈਸੇ ਛੋਡੀਐ = ਛੱਡਣਾ ਨਹੀਂ ਚਾਹੀਦਾ। ਐਸਾ = ਅਜੇਹਾ। ਦਰੁ = ਦਰਵਾਜ਼ਾ, ਪ੍ਰਭੂ ਦੇ ਚਰਨ, ਪ੍ਰਭੂ ਦਾ ਆਸਰਾ ॥੬੬॥ਜੋ ਦਰਵਾਜ਼ਾ ਅਜੇਹਾ ਹੈ ਉਹ ਦਰ ਕਦੇ ਛੱਡਣਾ ਨਹੀਂ ਚਾਹੀਦਾ ॥੬੬॥
 
कबीर डूबा था पै उबरिओ गुन की लहरि झबकि ॥
Kabīr dūbā thā pai ubri▫o gun kī lahar jẖabak.
Kabeer, I was drowning, but the waves of virtue saved me in an instant.
ਕਬੀਰ ਮੈਂ ਡੁਬ ਰਿਹਾ ਸਾਂ, ਪ੍ਰੰਤੂ ਨੇਕੀਆਂ ਦੇ ਤ੍ਰੰਗ ਨੇ ਮੈਨੂੰ ਤੁਰੰਤ ਹੀ ਬਚਾ ਲਿਆ।
ਜਰਜਰਾ = ਬਹੁਤ ਪੁਰਾਣਾ। ਡੂਬਾ ਥਾ = ਡੁੱਬ ਚੱਲਿਆਂ ਸਾਂ। ਪੈ = ਪਰ। ਉਬਰਿਓ = ਨਿਕਲ ਆਇਆ, ਡੁਬਣੋਂ ਬਚ ਗਿਆ। ਝਬਕਿ = ਝਬੱਕੇ ਨਾਲ। ਲਹਰਿ ਝਬਕਿ = ਲਹਿਰਾਂ ਦੇ ਝਬੱਕੇ ਨਾਲ, ਲਹਿਰਾਂ ਦੇ ਧੱਕੇ ਨਾਲ। ਗੁਨ = ਪ੍ਰਭੂ ਦੀ ਸਿਫ਼ਤ-ਸਾਲਾਹ। ਗੁਨ ਝਬਕਿ = ਪ੍ਰਭੂ ਦੀ ਸਿਫ਼ਤ ਸਾਲਾਹ-ਰੂਪ ਲਹਿਰ ਦੇ ਹੁਲਾਰੇ ਨਾਲ।ਹੇ ਕਬੀਰ! (ਸੰਸਾਰ-ਸਮੁੰਦਰ ਵਿਚ) ਮੈਂ ਡੁੱਬ ਚੱਲਿਆ ਸਾਂ, ਪਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਲਹਿਰ ਦੇ ਧੱਕੇ ਨਾਲ (ਸੰਸਾਰਕ ਮੋਹ ਦੀਆਂ ਠਿੱਲਾਂ ਵਿਚੋਂ) ਮੈਂ ਉਤਾਂਹ ਚੁਕਿਆ ਗਿਆ।